ਬਟਾਲਵੀ, ਨਸ਼ਾ, ਤੇ ਮੈਂ
ਬਟਾਲਵੀ ਨੂੰ ਪੜਨਾ ਅਸਾਨ ਨਹੀਂ,
ਉਹਦੇ ਹਰ ਇਕ ਸ਼ਬਦ ਚੁੱਭਦੇ ਨੇ,
ਉਹਦੇ ਗੀਤ, ਉਹਦੇ ਵਿਲਾਪ,
ਕੋਈ ਹੌਲੀ-ਹੌਲੀ ਸੁਣਦਾ,
ਕੋਈ ਦਿਲਾਂ ਚ ਵਸਾਉਂਦਾ,
ਤੇ ਕੋਈ ਉਨ੍ਹਾਂ ਨਾਲ ਰੋ ਪੈਂਦਾ।
….
ਪਰ ਪੜਨਾ ਇਕ ਗੱਲ ਆ,
ਉਸਨੂੰ ਹਜ਼ਮ ਕਰਨਾ ਦੂਜੀ।
ਕਿਉਂਕਿ ਉਹ ਦੁੱਖ ਦਿਲ ਚ ਵਸਾ ਜਾਂਦਾ,
ਜਿਸ ਨੂੰ ਪੀਣਾ ਆਸਾਨ ਨਹੀਂ।
ਉਹਦੇ ਹਰ ਫਿਕਰੇ ਦੀ ਗੂੰਜ,
ਕਈ ਦਿਨ ਤੱਕ ਸਿਰ ‘ਚ ਵੱਜਦੀ ਰਹਿੰਦੀ।
….
ਪਰ ਜੇਕਰ ਸ਼ਰਾਬ ਦੀਆਂ ਬੂੰਦਾਂ,
ਅੱਖਾਂ ਵਿੱਚ ਵਸ ਜਾਣ,
ਤੇ ਗਲਾਸ ਦੇ ਹਾਸਿਆਂ ‘ਚ,
ਬਟਾਲਵੀ ਦੀ ਆਵਾਜ਼ ਗੂੰਜਣ ਲੱਗੇ,
ਤਾਂ ਦਿਲ ਵੀ ਹਿੱਲ ਜਾਂਦਾ।
ਉਹਨਾਂ ਸ਼ਬਦਾਂ ਦੀ ਠੰਡ,
ਜੋ ਕਾਗਜ਼ਾਂ ਉੱਤੇ ਸੀ,
ਉਹ ਨਸ਼ੇ ‘ਚ ਅੱਗ ਬਣ ਜਾਂਦੀ।
“ਮੈਂ ਤੈਨੂੰ ਫਿਰ ਮਿਲਾਂਗੀ”
ਜਦ ਬੀਰਤੀ ਦੇ ਬੋਲ ਬਣ ਜਾਂਦੀ ,
….
“ਇੱਕ ਕੁੜੀ” ਜਦ ਹਵਾ ਵਾਂਗ ਵਗਣ,
ਤਾਂ ਇਹ ਸ਼ਰਾਬ ਨਹੀਂ,
ਸੱਚ ਮੁੱਚ ਨਸ਼ਾ ਬਣ ਜਾਂਦੀ।
….
ਪਹਿਲਾਂ ਤਾਂ ਸਿਫ਼ਤ ਕਰਦੇ ਰਹੇ,
ਉਹਦੇ ਗੀਤ ਸੁਣਦੇ ਰਹੇ,
ਪਰ ਜਦ ਨਸ਼ੇ ਵਿੱਚ ਉਹ ਗੀਤ ਆਏ,
ਤਾਂ ਲੁਕ ਕੇ ਚੋਰੀ ਰੋਣ ਨੂੰ ਜੀ ਕਰਿਆ।
“ਲੁੰਮੀ-ਲੁੰਮੀ ਗ਼ਮ ਦੀ ਆਂਧੀ”
ਜਦ ਗਲਾਸ ‘ਚ ਘੁੱਟ ਬਣੀ,
ਤਾਂ ਹੱਥ ਕੰਬਣ ਲੱਗੇ,
ਅੱਖਾਂ ਸਿਲਿਆਂ ਹੋ ਗਈਆਂ।
….
ਨਸ਼ਾ ਨਹੀਂ,
ਪਰ ਨਸ਼ੇ ਵਰਗਾ ਹੀ ਹੈ,
ਜਿਸਨੂੰ ਇੱਕ ਵਾਰੀ ਲਗ ਜਾਵੇ,
ਉਹ ਫਿਰ ਕਿਸੇ ਹੋਰ ਨਸ਼ੇ ਦੀ ਲੋੜ ਨਹੀਂ ਪੈਂਦੀ।
ਉਸਦੇ ਵਿਲਾਪ ‘ਚ ਇਕ ਅਜੀਬ ਖਿੱਚ,
ਇਕ ਅਜੀਬ ਮਸਤ, ਇਕ ਅਜੀਬ ਜ਼ਹਿਰ,
ਜਿਸ ਨੂੰ ਇੱਕ ਵਾਰੀ ਪੀ ਲਿਆ,
ਉਹ ਫਿਰ ਹਰ ਸ਼ਬਦ ਨਾਲ ਨਸ਼ਾ ਕਰ ਲੈਂਦਾ।
….
ਕੁਝ ਲੋਕ ਕਹਿੰਦੇ ਨੇ,
ਬਟਾਲਵੀ ਪਿਆਰ ਵਾਲਿਆਂ ਲਈ ਆ,
ਕੁਝ ਕਹਿੰਦੇ ਨੇ,
ਉਹ ਦਿਲ ਤੋੜੇ ਹੋਇਆਂ ਦੀ ਆਵਾਜ਼ ਆ।
ਪਰ ਸ਼ਰਾਬ ਵਿੱਚ ਸੁਣੋ ਤਾਂ ਲੱਗੇ,
ਉਹ ਉਹਨਾਂ ਦੀ ਚੀਕ ਆ,
ਜੋ ਦੁਨੀਆ ਦੇ ਦਰਦਾਂ ‘ਚ ਗੁੰਮ ਹੋ ਗਏ।
….
ਉਹ ਸ਼ਾਇਰੀ ਕੋਈ ਆਮ ਸ਼ਾਇਰੀ ਨਹੀਂ,
ਉਹ ਗੀਤ ਕੋਈ ਆਮ ਗੀਤ ਨਹੀਂ,
ਉਹ ਹੂਕ ਕੋਈ ਆਮ ਹੂਕ ਨਹੀਂ।
ਨਸ਼ੇ ਵਿੱਚ ਉਹ ਆਉਣ,
ਮਤਲਬ ਰੂਹ ਤੜਪਣ ਲੱਗ ਪਵੇ।
ਉਹ ਦਿਲ ਦੇ ਗਾਥੇ ਖੋਲ੍ਹ ਦਿੰਦੀ,
ਉਹ ਦੱਬੇ ਹੋਏ ਅਰਮਾਨ ਲਿਆਉਂਦੀ,
ਉਹ ਉਹਨਾਂ ਚੀਜਾਂ ਨੂੰ ਜਗਾਉਂਦੀ,
ਜਿਨ੍ਹਾਂ ਨੂੰ ਸੀਨੇ ‘ਚ ਦੱਬ ਕੇ ਰੱਖਿਆ।
…..
” ਰਿਪੁੰ ” ਬਟਾਲਵੀ ਨੂੰ ਪੜਨਾ,
ਅਜੇ ਵੀ ਆਸਾਨ ਲੱਗਦਾ,
ਪਰ ਨਸ਼ੇ ਵਿੱਚ ਸੁਣ ਕੇ,
ਉਸਨੂੰ ਹਜ਼ਮ ਕਰਨਾ,
ਅਜੇ ਵੀ ਔਖਾ ਲੱਗਦਾ…