“ ਮੇਰੀ ਉਦਾਸੀ ਇੱਕ ਝੂਠ “

ਮੈਂ ਜਾਣ-ਬੁੱਝ ਕੇ ਉਦਾਸ ਰਹਿੰਦਾ ਹਾਂ ,

ਤਾਂ ਜੋ ਕਿਸਮਤ ਨੂੰ ਪਤਾ ਨਾ ਲੱਗੇ ,

ਕੀ ਮੈਂ ਅੱਜ ਖੁਸ਼ ਹਾਂ ।

ਮੇਰੇ ਅੰਦਰ ਅਜੇ ਵੀ ਧੜਕਦਾ ਏ , 

ਇੱਕ ਦਿਲ , ਜੋ ਉਮੀਦਾਂ ਨਾਲ ਭਰਿਆ ਏ ।

ਕਾਮਯਾਬ ਹੋਣ ਦੀ ਉਮੀਦ , 

ਹੁਣ ਵਿ ਮੇਰਾ ਰਾਹ ਤੱਕ ਰਹੀ ਏ ।

ਹਰ ਸ਼ਾਮ ਜਦੋਂ ਸੂਰਜ ਡੁੱਬਦਾ ਏ

ਮੈ ਦੁੱਖ ਨੂੰ ਮੋਮਬੱਤੀ ਵਾਂਗ ਬਾਲ ਲੈਂਦਾ ਹਾਂ ,

ਸੋਹਂ ਲਗੇ , ਮੈਂ ਰੌਸ਼ਨੀ ਕਿਸੇ ਤੋਂ ਨਹੀਂ ਮੰਗਦਾ , 

ਬਸ ਹਨੇਰੇ ਵਿੱਚ ਆਪਣੀ ਪਹਿਚਾਣ ਲੱਭ ਲੈਂਦਾ ਹਾਂ ।

ਕਈ ਵਾਰੀ ਅੱਖਾਂ ਵੀ ਧੋਖਾ ਦੇ ਜਾਂਦੀਆਂ ਨੇ ,

ਸੌਹਂ ਲਗੇ , ਰੋਦਾਂ ਨੀ ਮੈਂ , ਸੱਚ ਬੋਲਦਾ ਹਾਂ । 

ਪਰ ਅੱਖਾਂ ਪਾਣੀ ਨਾਲ ਭਰ ਜਾਂਦੀਆਂ ਨੇ ,   

ਜਦੋਂ ਕੁੱਝ ਯਾਦਾਂ ਚੁੱਪ ਚੁਪੀਤੇ ਗਲ ਲੱਗ ਜਾਂਦੀਆਂ ਨੇ ।

ਮੈਂ ਢੀਠਾਂ ਵਾਂਗ ਹਾੱਸੇ ਨੂੰ ਬੁਲਾਂ ਤੇ ਆਉਣ ਨਹੀਂ ਦਿੰਦਾ ,

ਕਿਉਂਕਿ ਡਰ ਲੱਗਦਾ ਏ ਕਿਤੇ ਨਸੀਬ ਸੜ ਨਾ ਜਾਵੇ ,

ਖੁਸ਼ੀ ਦਾ , ਹਾਸੇ ਦਾ , ਖੜਾਕਾ ਜਿਹਾ ਸੁਣ ਕੇ ,

ਕਿਤੇ ਬਦਨਸੀਬੀ ਦਾ ਤੂਫ਼ਾਨ ਮੁੜ ਵਾਪਸ ਨਾ ਆ ਜਾਵੇ ।

ਲੋਕ ਪੁੱਛਦੇ – ਰਿੰਪੂ ਤੂੰ ਚੁੱਪ ਕਿਉਂ ਏ ? ”

ਕਦੇ ਰੌਲਾ ਬਹੁਤ ਪਾੳਦਾਂ ਸੀ , 

ਅੱਜ ਕੱਲ ਬੇਜੁਬਾਨ ਜਿਹਾ ਕਿਉਂ ਏ ? ”

ਹੁਣ ਮੈਂ ਕਿਵੇਂ ਦੱਸਾਂ, ਕੀ ਇਹ ਮੇਰੀ ਸਾਜ਼ਿਸ਼ ਏ ,

ਮੈ ਚੁੱਪ ਨੂੰ ਪਰਦਾ ਬਣਾਇਆ ਹੋਇਆ ਏ ,

ਤਾਂ ਜੋ ਖੁਸ਼ੀਆਂ ਦੀ ਰਾਖ ਫਿਰ ਨਾ ਉੱਡ ਜਾਵੇ ।

ਕਦੇ ਕਿਸੇ ਨੂੰ ਲੱਗਿਆ ਮੈਂ ਟੁੱਟ ਗਿਆ ਹਾਂ,

ਕਦੇ ਕਿਸੇ ਨੇ ਕਿਹਾ – “ ਇਹ ਬਦਲ ਗਿਆ ਏ “

ਪਰ ਸੱਚ ਏ ਮੇਰੇ ਦੋਸਤਾ ਕੀ , 

ਮੈਂ ਕਿਸਮਤ ਤੋਂ ਲੁਕਦਾ ਰਹਿੰਦਾ ਹਾਂ ,

ਸੱਚੀ ਮੈਂ ਜਾਣ-ਬੁੱਝ ਕੇ ਉਦਾਸ ਰਹਿੰਦਾ ਹਾਂ ,

ਤਾਂ ਜੋ ਤਕਦੀਰ ਨੂੰ ਸ਼ੱਕ ਨਾ ਹੋ ਜਾਵੇ ,

ਕਿ ਮੈਂ ਉਸਦਾ ਖੇਡ ਸਮਝ ਲਿਆ ਏ ,

ਤੇ ਰਿੰਪੂ ਅਜੇ ਵੀ ਜੀਊਣ ਦੀ ਹਿੰਮਤ ਰੱਖਦਾ ਏ ।

— ✍️ ਰੋਹਿਤ ਵਰਮਾ ਰਿੰਪੂ

Leave a Comment

Your email address will not be published. Required fields are marked *

Scroll to Top