” ਮੇਰੀ ਚੁੱਪ ਤੇ ਮੇਰਾ ਸ਼ੋਰ “
ਹਰ ਕੋਈ ਆਖੇ, ” ਰਿਪੁੰ , ਚੁੱਪ – ਚਾਪ ਕਿਉਂ ਰਹਿੰਦਾ ?”
ਨਾ ਗੱਲ ਕਰਦਾ , ਨਾ ਕਿਸੇ ਨਾਲ ਹੱਸਦਾ ।
ਉਹਨਾਂ ਨੂੰ ਕੀ ਪਤਾ , ਮੇਰੇ ਅੰਦਰ ਕਿੰਨਾ ਸ਼ੋਰ ਹੈ ,
ਇੱਕ – ਇੱਕ ਖਿਆਲ , ਇੱਕ – ਇੱਕ ਸਵਾਲ ,
ਮੇਰੇ ਮਨ ਵਿੱਚ ਇੱਕ ਤੂਫਾਨ ਬਣਕੇ ਉਠਦਾ ।
ਲੋਕ ਸੋਚਦੇ ਨੇ , ਮੈਂ ਸ਼ਾਂਤ ਹਾਂ ,
ਪਰ ਉਹ ਨਹੀਂ ਵੇਖਦੇ ,
ਮੇਰੀ ਰਾਤਾਂ ਦੀ ਬੇਚੈਨੀ ।
ਇਹ ਚੁੱਪ ਸਿਰਫ਼ ਇੱਕ ਪੜਾਅ ਹੈ ,
ਅੰਦਰ ਇਕ ਅੰਤਹੀਣ ਸ਼ੋਰ ,
ਜੋ ਹਰ ਸਮੇਂ ਮੈਨੂੰ ਘੇਰਿਆ ਰਹਿੰਦਾ ।
ਮੇਰਾ ਦਿਲ ਕਹਿੰਦਾ , ” ਕਦੇ ਕਿਸੇ ਨੂੰ ਤਾਂ ਦੱਸ ,
ਕਿ ਕਿਵੇਂ ਇਹ ਚੁੱਪ , ਇੱਕ ਆਦਤ ਬਣ ਗਈ।”
ਪਰ ਦੂਜੇ ਹੀ ਪਲ , ਡਰ ਲੱਗਦਾ ,
ਕਿ ਜੇ ਕੋਈ ਨਾ ਸਮਝਿਆ ਤਾਂ ?
ਮੇਰੇ ਅੰਦਰ ਬਹੁਤ ਕੁਝ ਬੋਲਦਾ ,
ਅਣਕਹੇ ਸਵਾਲ , ਅਣਸੁਣੇ ਜਵਾਬ ।
ਕਦੇ – ਕਦੇ ” ਰਿਪੁੰ ” ਸ਼ਾਂਤ ਬੈਠਾ ਸੋਚਦਾ ,
ਕੀ ਇਹ ਸ਼ੋਰ ਕਦੇ ਖਤਮ ਹੋਏਗਾ ?
ਜਾਂ ਇਹ ਹਮੇਸ਼ਾ ਇੰਝ ਹੀ ਰਹੇਗਾ ?
ਹਰ ਕੋਈ ਚਾਹੁੰਦਾ ਕਿ ਮੈਂ ਹੱਸਾਂ ,
ਮੈਂ ਬੋਲਾਂ , ਮੈਂ ਸਾਥ ਨਿਭਾਵਾਂ ।
ਪਰ ਉਹ ਨਹੀਂ ਜਾਣਦੇ ,
ਕਿ ਇਹ ਚੁੱਪ ਮੈਨੂੰ ਬਚਾਉਂਦੀ ਹੈ ,
ਇਹ ਮੇਰੀ ਢਾਲ ਬਣ ਜਾਦੀਂ ਹੈ।
ਜੇ ਮੈਂ ਬੋਲ ਪਿਆ , ਤਾਂ ….. ,
ਹਰ ਇੱਕ ਸ਼ਬਦ , ਹਰ ਇੱਕ ਬੋਲ ,
ਇੱਕ ਧਮਾਕੇ ਵਾਂਗ ਹੋਵੇਗਾ ।
ਇਸ ਕਰਕੇ , ਮੈਂ ਆਪਣੀ ਚੁੱਪ ਨੂੰ ਹੀ ,
ਠੀਕ ਸਮਝ ਕੇ , ਚੁੱਪ ਰਹਿੰਦਾ ਹਾਂ ।
ਮੇਰੇ ਅੰਦਰਲੇ ਸ਼ੋਰ ਦਾ ਕੋਈ ਅੰਤ ਨਹੀਂ ,
ਕੋਈ ਸਮਝ ਜਾਂ ਸਮਝਾ ਸਕੇ ,
ੲੈਸਾ ਕੋਈ ਸੰਤ ਨਹੀਂ ,
ਕਦੇ – ਕਦੇ ਇਹ ਮੈਨੂੰ ਘੁਟਣ ਲਗ ਪੈਂਦਾ ।
ਕਦੇ – ਕਦੇ ਦਿਲ ਕਰਦਾ ,
ਕਿ ਉੱਚੀ ਆਵਾਜ਼ ਵਿੱਚ ਸ਼ੋਰ ਮਚਾਵਾਂ ,
ਪਰ ਉਹ ਵੀ ਨਾ ਕਰ ਸਕਦਾ ,
ਕਿਉਂਕਿ ਲੋਕ ਮੇਰੀ ਚੁੱਪ ਦੀ ਆਦਤ ਪਾ ਚੁੱਕੇ ਨੇ ।
ਮੇਰੀ ਕਦੇ ਨਾ ਖਤਮ ਹੋਣ ਵਾਲੀ ਲੜਾਈ ,
ਇਹ ਲੜਾਈ ਮੇਰੇ ਨਾਲ ਮੇਰੀ ਹੀ ਹੈ ।
ਇਹ ਸ਼ੋਰ ਵੀ ਮੇਰਾ ਆਪਣਾ ਹੈ ,
ਇਹ ਚੁੱਪ ਵੀ ਮੇਰੀ ਆਪਣੀ ਹੈ ।
ਕਿੰਨਾ ਅਜੀਬ ਹੈ ,
ਕਿ ਲੋਕ ਮੇਰੀ ਚੁੱਪ ਤੋਂ ਤੰਗ ਨੇ ,
ਤੇ ਮੈਂ ਆਪਣੇ ਅੰਦਰਲੇ ਸ਼ੋਰ ਤੋਂ ।
ਮੁਕਾਬਲਾ ਹੋਵੇਗਾ ਤਾਂ , ਇਹ ਸ਼ੋਰ ਜਿੱਤੇਗਾ ,
ਜਾਂ ” ਰਿਪੁੰ ” ਤੇਰੀ ਚੁੱਪ ?
ਕੀ ਇਸਦਾ ਜਵਾਬ ਮਿਲੇਗਾ …… ?
ਕਦੋਂ ਮੈਂ ਆਪਣੇ ਆਪ ਨੂੰ ਸਮਝ ਪਾਵਾਂਗਾ ।